… ਹੁਣ ਲਗਦੈ
ਹੇ ਮੇਰੀ ਪਿਆਰੀ ‘ਹਿਮ-ਦੇਵੀ’ !
ਤੇਰਾ ਰੂਪ ਰੁਪਹਿਰੀ
ਕੰਚਨ-ਕਾਇਆ
ਸਬਜ਼ ਪਹਿਰਾਵਾ,
ਖਿੱਚ ਲੈ ਆਇਆ
ਮੈਨੂੰ ਤੇਰੇ ਦੁਆਰ |
ਕਿਸ ਤਰ੍ਹਾਂ ਆ ਪਹੁੰਚਿਆ?
ਕੁਝ ਪਤਾ ਲੱਗਾ ਨਹੀਂ |
ਸੈਂਕੜੇ ਮੀਲਾਂ ਸਫ਼ਰ
ਕੁੱਝ ਵੀ ਲੱਗਾ ਨਹੀਂ |
…ਹੁਣ ਲਗਦੈ….
ਇੱਥੇ ਵੀ ਮੈਥੋਂ ਰੁਕਿਆ ਨਹੀਂ ਜਾਣਾ |
ਕਿਉਂਕਿ
ਮੈਂ ਤਾਂ ਇੱਥੇ ਪਿਘਲ ਜਾਣ ਲਈ ਆਇਆ ਸੀ,
ਜੰਮ ਜਾਣ ਲਈ ਨਹੀਂ |
ਚਾਹਿਆ ਸੀ ਤੇਰੇ ਕੋਲ਼ ਆ ਕੇ,
ਮੇਰੀ ‘ਅਕਲ-ਡਲ਼ੀ’ ਖ਼ੁਰ ਜਾਵੇ |
ਹਸਤੀ ਤੀਕਰ ਵੀ ਭੁਰ ਜਾਵੇ |
..ਪਰ..ਐਸਾ ਹੋਇਆ ਨਹੀਂ ….
….ਹੁਣ ਲਗਦੈ …
ਇੱਥੇ ਵੀ ਮੈਥੋਂ ਰੁਕਿਆ ਨਹੀਂ ਜਾਣਾ |